ਮਨੁੱਖ ਦੀ ਕਥਾ – ਗਿਆਨੀ ਸੰਤ ਸਿੰਘ ਮਸਕੀਨ

ਜਤਿੰਦਰ ਸਿੰਘ (Age Group – Adult)

“ਮਨੁੱਖ ਦੀ ਕਥਾ” ਪੁਸਤਕ ਵਿੱਚ ਸ. ਹਰਜੀਤ ਸਿੰਘ ਜੀ ਨੇ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਭਿੰਨ-ਭਿੰਨ ਵਿਸ਼ਿਆਂ ਉੱਤੇ ਕੀਤੀਆਂ ਹੋਈਆਂ ਵਿਚਾਰਾਂ ਨੂੰ ਕਲਮਬੱਧ ਕੀਤਾ ਹੈ | ਮਸਕੀਨ ਜੀ ਦੀ ਸਖਸ਼ੀਅਤ ਕਿਸੇ ਪਹਿਚਾਣ ਦੀ ਮੁਹਥਾਜ ਨਹੀਂ, ਅਸੀਂ ਸਾਰੇ ਉਹਨਾਂ ਬਾਰੇ ਜਾਣਦੇ ਹਾਂ | ਮੈਂ ਵਿਅਕਤੀਗਤ ਤੌਰ ਤੇ ਉਹਨਾਂ ਨੂੰ ਅਜੋਕੇ ਸਮੇਂ ਦੇ ਇੱਕ ਮਹਾਨ ਦਾਰਸ਼ਨਿਕ, ਪ੍ਰਚਾਰਕ ਅਤੇ ਵਿਦਵਾਨ ਮੰਨਦਾ ਹਾਂ |
ਇਸ ਪੁਸਤਕ ਵਿੱਚ ਕੁਝ ਵਿਸ਼ਿਆਂ ਤੇ ਕਾਫੀ ਗਹਿਰਾਈ ਵਾਲੀਆਂ ਵਿਚਾਰਾਂ ਹਨ ਜਿੰਨਾ ਉੱਤੇ ਕਈ ਵਾਰ ਅਸੀਂ (ਅਤੇ ਕਈ ਪ੍ਰਚਾਰਕ ਵੀ) ਜਿਆਦਾ ਧਿਆਨ ਨਹੀਂ ਦਿੰਦੇ ਜਾਂ ਉੰਨੀ ਗਹਰਾਈ ਨਾਲ ਨਹੀਂ ਵਿਚਾਰਦੇ ਜਿੰਨਾ ਚਾਹੀਦਾ ਹੈ| ਗੁਰਬਾਣੀਂ ਦੀਆਂ ਤੁਕਾਂ ਤੋਂ ਇਲਾਵਾ ਇਸ ਪੁਸਤਕ ਵਿਚ ਬਹੁਤ ਹੋਰ ਭਗਤਾਂ, ਕਵੀਆਂ ਅਤੇ ਵਿਦਵਾਨਾਂ ਦੀਆਂ ਰਚਨਾਵਾਂ ਦੇ ਹਵਾਲੇ ਦਿੱਤੇ ਗਏ ਹਨ | ਗਿਆਨੀ ਜੀ ਦਾ ਕਿਸੇ ਵਿਸ਼ੇ ਨੂੰ ਵੇਖਣ ਦਾ, ਵਿਚਾਰਨ ਦਾ, ਸਮਝਣ ਅਤੇ ਸਮਝਾਉਣ ਦਾ ਆਪਣਾ ਇਕ ਨਿਹਾਇਤ ਅਲੱਗ ਤੇ ਅਸਰਦਾਇਕ ਅੰਦਾਜ਼ ਸੀ | ਇਸ ਪੁਸਤਕ ਵਿੱਚ ਦਰਜ਼ ਹਰ ਵਿਸ਼ਾ, ਹਰ ਪੰਕਤੀ ਬਹੁਤ ਹੀ ਕਮਾਲ ਨਾਲ ਪਰੋਇਆ ਗਿਆ ਗਿਆਨ ਦਾ ਸਰੋਤ ਹੈ | ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਵਿਚ ਮੈਂ ਇਨ੍ਹਾਂ ਦੀ ਮਹਾਨਤਾ ਦਾ ਵਰਨਣ ਕਰ ਸਕਾਂ | ਇਹ ਪੁਸਤਕ ਅਸਲ ਵਿੱਚ ਇਕ ਪ੍ਰੇਰਣਾ ਸਰੋਤ ਹੈ ਸਾਡੇ ਸਾਰਿਆਂ ਲਈ ਅਤੇ ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਇਸ ਨੂੰ ਪੜ੍ਹਨ ਦਾ ਮੌਕਾ ਮਿਲਿਆ| ਪਰ ਜਿਸ ਤਰਾਂ ਗੁਰਬਾਣੀ ਵਿਚ ਲਿਖਿਆ ਹੈ :

ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥
ਵਾਚਣ ਰਾਹੀਂ ਨਹੀਂ, ਪ੍ਰੰਤੂ ਸਮਝਣ ਰਾਹੀਂ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ|

ਮੇਰੇ ਹਿਸਾਬ ਨਾਲ ਜੋ ਸਖ਼ਸ਼ ਗੁਰਬਾਣੀ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਹੈ, ਉਸਦੇ ਲਈ ਇਹ ਪੁਸਤਕ ਇੱਕ ਅਗਲਾ ਕਦਮ ਹੈ| ਆਸ ਕਰਦਾ ਹਾਂ ਕਿ ਪਰਮਾਤਮਾ ਮੈਨੂੰ ਅਤੇ ਸਾਨੂੰ ਸਾਰਿਆਂ ਨੂੰ ਸੱਚ ਤੇ ਰੂਹਾਨੀਅਤ ਦੇ ਮਾਰਗ ਤੇ ਚਲਣ ਦਾ ਬੱਲ, ਬੁੱਧੀ ਅਤੇ ਸਮਰੱਥਾ ਬਖਸ਼ੇ|

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫਤਹਿ ||

Note – The views and opinions expressed are those of the author and do not necessarily reflect the views of Sikh Religious Society Palatine Gurudwara, to include but not limited to the Board of Directors, Employees and Library volunteers and staff.